BREAKING NEWS

ਆਖਿਰ ਕਦੋਂ ਪੂਰ ਚੜ੍ਹਨਗੇ ਚੋਣ ਮੈਨੀਫੈਸਟੋ ਵਾਲੇ ਵਾਅਦੇ! ਜਨਤਾ ਜਵਾਬ ਮੰਗਦੀ ਹੈ?

ਦੇਸ਼ ਨੂੰ ਆਜ਼ਾਦ ਹੋਇਆਂ 70 ਵਰ੍ਹਿਆਂ ਦੇ ਕਰੀਬ ਹੋ ਗਏ ਪਰ ਅੱਜ ਵੀ ਸਾਡੇ ਦੇਸ਼ ਦੀ ਵਾਧੂ ਵਸੋਂ ਗਰੀਬੀ ਰੇਖਾ ਹੇਠ ਜਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ। ਲਗਭਗ ਹਰ ਸੂਬੇ ’ਚ ਗਰੀਬ ਵਰਗ ਦੀ ਤਾਦਾਦ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ। ਜਿਸ ਦਾ ਕਾਰਨ ਦੇਸ਼ ਅਤੇ ਸੂਬਿਆਂ ’ਚ ਰਾਜ ਕਰਦੀਆਂ ਸਰਕਾਰਾਂ ਨੇ ਆਪਣੇ ਨਿੱਜੀ ਮੁਫਾਦ ਦੀ ਖਾਤਿਰ ਦਾਅਵਿਆਂ ਅਤੇ ਵਾਅਦਿਆਂ ਦੇ ਸਬਜਬਾਗ ਦਿਖਾ ਕੇ ਜਨਤਾ ਨੂੰ ਨਿਪੁੰਸਕ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸੂਬਿਆਂ ’ਚ ਵੱਖ-ਵੱਖ ਪਾਰਟੀ ਦੀਆਂ ਰਾਜ ਕਰਦੀਆਂ ਸਰਕਾਰਾਂ ਵੱਲੋਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਤਾਂ ਹਰ ਵਰਗ ਨੂੰ ਦੇਣੀ ਸ਼ੋਭਦੀ ਹੈ ਪਰ ਆਟਾ-ਦਾਲ ਸਕੀਮ, ਸ਼ਗਨ ਸਕੀਮ , ਮਾਈ ਭਾਗੋ ਸਕੀਮ, ਮਿਡ ਡੇ ਮੀਲ ਤੇ ਹੋਰ ਲੋਕ ਲੁਭਾਊ ਸਕੀਮਾਂ ਦੇ ਲਾਲਚ ਉਹ ਵੀ ਕਿਸੇ ਇਕ ਵਰਗ ਨੂੰ ਦਿੰਦਿਆਂ ਜਿੱਥੇ ਰਹਿੰਦੇ ਵਰਗਾਂ ਵਿੱਚ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ ਉੱਥੇ ਰੋਜ਼ਗਾਰ ਮੁੱਹਈਆ ਕਰਵਾਉਣ ਤੋਂ ਪਾਸਾ ਵੱਟਦਿਆਂ ਰੋਜ਼ਗਾਰ ਨਾ ਦੇ ਕੇ ਜਨਤਾ ਨੂੰ ਅਪੰਗ ਬਣਾ ਕੇ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਜਦੋਂ ਕਿ ਜਿਆਦਾਤਰ ਪੜ੍ਹਿਆ ਲਿਖਿਆ ਨੌਜਵਾਨ ਵਰਗ ਆਪਣੀਆਂ ਡਿਗਰੀਆਂ ਚੁੱਕੀ ਨੌਕਰੀਆਂ ਨਾ ਮਿਲਣ ਕਾਰਨ ਖੁਦਕਸ਼ੀਆਂ ਦੇ ਰਾਹ ਪੈ ਚੁੱਕੇ ਹਨ ਅਤੇ ਬਾਕੀ ਨਸ਼ਿਆਂ ਦੀ ਦਲ ਦਲ ਵਿੱਚ ਧੱਸ ਕੇ ਗਲਤ ਕੰਮਾ ਨੂੰ ਅੰਜਾਮ ਦੇਣ ਲੱਗ ਪਏ ਹਨ। ਨਸ਼ਿਆਂ ਦੀ ਲੱਗੀ ਲੱਤ ਨੂੰ ਪੂਰਾ ਕਰਨ ਲਈ ਤਾਂ ਅੱਜ ਦੀ ਨੌਜਵਾਨ ਪੀੜ੍ਹੀ (ਲੜਕੇ/ਲੜਕੀਆਂ) ਕਿਸੇ ਵੀ ਹੱਦ ਤੱਕ ਡਿੱਗਣ ਨੂੰ ਤਿਆਰ ਹੈ। ਅਜੋਕੇ ਪੰਜਾਬ ਵਿੱਚ ਬਲਾਤਕਾਰ, ਕਤਲੋ-ਗਾਰਦ ਅਤੇ ਹੋਰ ਜੁਰਮਾਂ ਦੇ ਵੱਧਣ ਦਾ ਸਭ ਤੋਂ ਵੱਡਾ ਕਾਰਨ ਨਸ਼ੇ ਹੀ ਹਨ। ਅਜਿਹਾ ਸਭ ਕੁਝ ਦੇਖਦਿਆਂ ਵੀ ਸਰਕਾਰਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਰੇਂਗਦੀ ਨਜ਼ਰ ਆਉਂਦੀ ਕਿਉਂ ਕਿ ਸਰਕਾਰਾਂ ਨੇ ਆਪਣੇ ਵੋਟ ਬੈਂਕ ਦੀ ਖਾਤਿਰ ਜਿੱਥੇ ਧਰਮਾਂ, ਜਾਤਿ/ਬਰਾਦਰੀਆਂ ਵਿੱਚ ਵੰਡੀਆਂ ਪਾ ਕੇ ਰੱਖ ਦਿੱਤੀਆਂ ਹਨ ਉੱਥੇ ਹਰ ਸਰਕਾਰੀ ਅਦਾਰਿਆਂ ’ਚ ਖਾਲੀ ਪਈਆ ਅਸਾਮੀਆਂ ਦਾ ਜਿੰਮਾ ਖੁਦ ਚੁੱਕਣ ਦੀ ਬਜਾਏ ਠੇਕੇਦਾਰੀ ਸਿਸਟਮ ਰਾਹੀਂ ਆਪਣਾ ਉੱਲੂ ਤਾਂ ਸਿੱਧਾ ਕਰ ਲਿਆ ਹੈ ਪਰ ਬੇਰੁਜ਼ਗਾਰੀ ਦੀ ਮਾਰ ਹੇਠ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਨੌਜਵਾਨ ਪੀੜ੍ਹੀ ਨੂੰ ਨੌਕਰੀਆਂ ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ਦੇ ਬੰਦ ਪਏ ਚੁੱਲਿਆਂ ਦਾ ਜਿੰਮੇਵਾਰ ਕੌਣ ਹੈ? ਅਕਸਰ ਚਰਚਾਵਾਂ ਦੇ ਬਾਜ਼ਾਰ ਤੋਂ ਸਹਿਜ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਰਕਾਰਾਂ ਵੱਲੋਂ ਅੱਜ ਨੌਕਰੀਆਂ ਪੜ੍ਹੇ ਲਿਖਿਆਂ ਨੂੰ ਨਾ ਦੇ ਕੇ ਹਾਦਸਾ ਵਾਪਰੇ ਪਰਿਵਾਰ ਜਾਂ ਖਿਡਾਰੀਆਂ ਲਈ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ।
ਕਿਸੇ ਵੇਲੇ ਸੋਨੇ ਦੀ ਚਿੜੀਆ ਅਖਵਾਉਣ ਵਾਲਾ ਦੇਸ਼ ਜਿੱਥੇ ਅੱਜ ਦੇ ਲੋਕਾਂ ਲਈ ਸੁਪਨਾ ਬਣ ਕੇ ਰਹਿ ਗਿਆ ਹੈ ਉੱਥੇ ਜਨਤਾ ਦੀ ਭਰੀ ਕਚਹਿਰੀ ’ਚ ਸਟੇਜਾਂ ਤੇ ਦੇਸ਼ ਨੂੰ ਸੋਨੇ ਦੀ ਚਿੜੀਆ ਦੱਸਣ ਵਾਲੇ ਇਨ੍ਹਾਂ ਹੁਕਮਰਾਨਾਂ ਦੇ ਰਾਜਕਾਲ ’ਚ ਦੇਸ਼ ’ਚੋਂ ਸੋਨਾ ਤਾਂ ਆਮ ਇਨਸਾਨ ਤੋਂ ਕੋਸੋਂ ਦੂਰ ਹੋ ਗਿਆ ਹੈ ਅਤੇ ਚਿੜੀਆਂ ਨਿੱਜੀ ਨੈਟਵਰਕ ਕੰਪਨੀਆਂ ਦੇ ਜਾਲ ’ਚ ਉਲਝ ਕੇ ਗਾਇਬ ਹੋ ਚੁੱਕੀਆਂ ਹਨ। ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਪੰਜਾਬ ਅੰਦਰ ਦੋ ਹੀ ਪਾਰਟੀਆਂ ਦੀ ਤੂਤੀ ਬੋਲਦੀ ਕਿਸੇ ਤੋਂ ਛੁਪੀ ਨਹੀਂ, ਤੀਜੀ ਧਿਰ ਵੱਜੋਂ ਆਈ ਪਾਰਟੀ ਦਾ ਜਿੱਥੇ ਲੋਕਾਂ ਵਿੱਚ ਉੱਭਰਦੇ ਜੋਸ਼ੋ ਖਰੋਸ਼ ਦੇ ਬਲਬੂਤੇ ’ਤੇ ਵਿਰੋਧੀ ਧਿਰਾਂ ਨੂੰ ਰਾਜ ਸੱਤਾ ਤੋਂ ਲਾਂਬੂ ਕਰਨ ਦੇ ਲੰਮੇ ਲੰਮੇ ਦਾਅਵਿਆਂ ਅਤੇ ਵਾਅਦਿਆਂ ਨਾਲ ਸੌ ਸੀਟਾਂ ਤੇ ਰਾਜ ਸੱਤਾ ਦੇ ਸੁਪਨੇ ਲੈਣ ਵਾਲੀ ਪਾਰਟੀ ’ਚ ਦੂਜੀਆਂ ਪਾਰਟੀਆ ਨੂੰ ਛੱਡ ਕੇ ਆਏ ਲੀਡਰਾਂ ਨੂੰ ਨਿਖਾਰਦਿਆਂ ਤੇ ਮਿਹਨਤਕਸ਼ ਲੋਕਾਂ ਨੂੰ ਨਕਾਰਦਿਆਂ ਹੋਈ ਟਿਕਟਾਂ ਦੀ ਕਾਣੀ ਵੰਡ ਨੂੰ ਲੋਕਾਂ ਨੇ ਨਾਬਰਦਾਸ਼ਤ ਕਰਦਿਆਂ ਮਜ਼ਬੂਰਨ ਦੂਜੀਆਂ ਪਾਰਟੀਆਂ ਦੀ ਬਾਂਹ ਫੜਨੀ ਮੁਨਾਸਬ ਸਮਝੀ। ਇਸ ਕਾਰਨ ਰਾਜ ਸੱਤਾ ਦਾ ਸੁਪਨਾ ਉਦੋਂ ਧਰਿਆ ਧਰਾਇਆ ਰਹਿ ਗਿਆ ਜਦੋਂ ਵਾਰੀ ਬੰਨ ਕੇ ਦੋਵੇਂ ਮੁੱਖ ਪਾਰਟੀਆਂ ਵਿੱਚੋਂ ਫਿਰ ਇੱਕ ਪਾਰਟੀ ਸੱਤਾ ਤੇ ਕਾਬਜ਼ ਹੋ ਗਈ ਤੇ ਪੁਰਾਣੀ ਪਰੰਪਰਾ ਨੂੰ ਪੰਜਾਬ ਦੇ ਲੋਕਾਂ ਨੇ ਚਾਲੂ ਰੱਖਿਆ। ਜਿਸ ਪੰਜਾਬ ਨੂੰ ਪੰਜ ਦਰਿਆਵਾਂ (ਪਾਣੀਆਂ) ਦੀ ਧਰਤੀ ਕਿਹਾ ਜਾਂਦਾ ਸੀ ਤੇ ਪਾਣੀ ਦੇ ਕਾਰਨ ਹੀ ਹਰਿਆ-ਭਰਿਆ ਤੇ ਇੱਕ ਅਮੀਰ ਸੂਬਾ ਮੰਨਿਆ ਜਾਂਦਾ ਸੀ ਉਹ ਅੱਜ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਬੰਜਰ ਬਣਦਾ ਜਾ ਰਿਹਾ ਹੈ। ਜੇ ਅਜੇ ਵੀ ਪੰਜਾਬ ਦੇ ਲੋਕ-ਹਿੱਤਾਂ ਭਾਵ ਪਾਣਿਆਂ, ਨੌਕਰੀਆਂ, ਪੈਨਸ਼ਨਾ, ਸ਼ਗਨ ਸਕੀਮਾ ਆਦਿ ਦੇ ਦਾਅਵਿਆਂ ਦੀ ਆੜ ਹੇਠ ਸਾਸ਼ਨ ਤੇ ਕਾਬਜ ਰਹਿਣ ਵਾਲੀ ਸਰਕਾਰ ਦੇ ਹੁਕਮਰਾਨਾ ਦੀਆਂ ਨੀਤੀਆਂ ਨੂੰ ਭਲੀ-ਭਾਂਤ ਜਾਣਦਿਆਂ ਪੰਜਾਬ ਦੇ ਸੂਰਵੀਰ ਲੋਕ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਪਾਣੀ ਦੀ ਬੂੰਦ- ਬੂੰਦ ਲਈ ਤਰਸਣ ਦੇ ਨਾਲ-ਨਾਲ ਹਰ ਪੱਖੋਂ ਸਰਕਾਰ ਦੀ ਕਠਪੁਤਲੀ ਬਣ ਕੇ ਅੰਗ੍ਰੇਜੀ ਹਕੂਮਤ ਦੀ ਗੁਲਾਮੀ ਤੋਂ ਵੱਧ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋ ਜਾਣਗੇ। ਸਰਕਾਰ ਦੀਆਂ ਅਜਿਹੀਆਂ ਨੀਤੀਆਂ ਕਾਰਨ ਨੈਤਿਕਤਾ ਦੇ ਪੱਖੋਂ ਵੀ ਪੰਜਾਬ ਵਿੱਚ ਦਿਨ-ਬ-ਦਿਨ ਨਿਘਾਰ ਆ ਰਿਹਾ ਹੈ। ਮਾਪਿਆਂ ਅਤੇ ਵੱਡਿਆਂ ਦੇ ਸਨਮਾਣ ਤੇ ਪ੍ਰਾਉਹਣਾਚਾਰੀ ਲਈ ਪੰਜਾਬ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਪਰ ਅੱਜ ਪੰਜਾਬ ਦੇ ਅਕਸਰ ਲੋਕ ਮਹਿਮਾਨਾਂ ਨੂੰ ਦੇਖ ਕੇ ਮੱਥੇ ਵੱਟ ਪਾ ਲੈਂਦੇ ਹਨ। ਮਾਪਿਆਂ ਅਤੇ ਬਜੁਰਗਾਂ ਦੇ ਸਨਮਾਨ ਤੋਂ ਤਾਂ ਅੱਜ ਦੀ ਪੀੜ੍ਹੀ ਉੱਕਾ ਹੀ ਦੂਰ ਚਲੀ ਗਈ ਜਾਪਦੀ ਹੈ। ਅੱਜ ਸ਼ੋਸ਼ਲ ਮੀਡੀਆ ਤੇ ਤਾਂ ਮਾਪਿਆਂ ਦੇ ਸਨਮਾਨ ਲਈ ਬਹੁਤ ਸਲੋਗਨ ਦੇਖਣ ਨੂੰ ਮਿਲ ਜਾਂਦੇ ਹਨ ਪਰ ਇਹ ਮਹਿਜ (ਢੋਂਗ ਮਾਤਰ) ਪੜ੍ਹਨ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਘਰਾਂ ਦੀ ਅਸਲ ਸਥਿਤੀ ਤਾਂ ਅੱਜ ਬਹੁਤ ਖਰਾਬ ਚੱਲਦੀ ਨਜ਼ਰ ਆ ਰਹੀ ਹੈ। ਪੰਜਾਬ ਦੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੌਕਰੀਆਂ ਦੀ ਆੜ ’ਚ ਜਿੱਥੇ ਸਰਕਾਰ ਦੇ ਮੂੰਹਾਂ ਵੱਲ ਤੱਕ ਰਹੀ ਹੈ ਉੱਥੇ ਬੇਰੁਜ਼ਗਾਰੀ ਦੇ ਚੱਲਦਿਆਂ ਕਈ ਪਰਿਵਾਰ ਜੱਧੀ-ਪੁਸ਼ਤੀ ਜਾਇਦਾਦਾਂ ਤੇ ਜਿੰਦਗੀ ਬਸਰ ਕਰਨ ਲਈ ਮਜ਼ਬੂਰ ਹਨ, ਪਰ ਉਹ ਵੀ ਕਦੋਂ ਤੱਕ! ਕਹਿੰਦੇ ਹਨ ਕਿ ਖਾਂਦੇ-ਖਾਂਦੇ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ! ਪੁਰਖਾਂ ਦੀ ਜਾਇਦਾਦ ਦੀ ਘਰੇਲੂ ਵੰਡ ਨੂੰ ਔਲਾਦ ਦੇ ਮੋਹ ’ਚ ਨਾਮ ਕਰਾਉਣ ਦੇ ਨਾਲ ਆਪਣੀ ਜਿੰਦਗੀ ਦੀ ਸਾਰੀ ਕਮਾਈ ਬੱਚਿਆਂ ਤੇ ਲੁਟਾਉਣ ਵਾਲੇ ਮਾਪੇ ਬੁਢਾਪੇ ਵਿੱਚ ਖੂਨ ਦੇ ਹੰਝੂ ਭਰਨ ਲਈ ਮਜ਼ਬੂਰ ਹਨ। ਨਵੀਂ ਪੀੜ੍ਹੀ ਦੀ ਬਦੌਲਤ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਮਾਪੇ ਡੰਗਰਾਂ ਵਾਲੇ ਕਮਰਿਆਂ ਵਿੱਚ ਆਪਣੀ ਜਿੰਦਗੀ ਦੇ ਅੰਤਿਮ ਦਿਨ ਗਿਣਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਣ ਲਈ ਤਿਆਰ ਬੈਠੇ ਹਨ। ਜਿਸ ਨੂੰ ਸੰਭਾਲਣਾ ਰਾਜ ਸੱਤਾ ਤੇ ਕਾਬਜ ਹੁਕਮਰਾਨਾ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਮਾਪਿਆਂ ਵੱਲੋਂ ਆਪਣਾ ਢਿੱਡ ਕੱਟ ਕੇ ਬੱਚਿਆਂ ਲਈ ਕੀਤੀ ਮਿਹਨਤ ਤੇ ਉਨ੍ਹਾਂ ਪੱਲੇ ਪਈ ਬੇਰੁਜ਼ਗਾਰੀ ’ਚ ਤਿਲ-ਤਿਲ ਮਰਦਾ ਦੇਖਣ ਲਈ ਜਾਂ ਤ੍ਰਾਹੀ-ਤ੍ਰਾਹੀ ਕਰਦੀ ਨਜ਼ਰ ਆਉਂਦੀ ਜਨਤਾ ਇਨ੍ਹਾਂ ਹੁਕਮਰਾਨਾ ਤੋਂ ਜਵਾਬ ਮੰਗਦੀ ਹੈ? ਚੋਣ ਮੈਨੀਫੈਸਟੋ ਮੌਕੇ ਜਨਤਾ ਨਾਲ ਕੀਤੇ ਵਾਅਦੇ ਆਖਿਰ ਕਦੋਂ ਸਾਰਥਕ ਸਿੱਧ ਹੋਣਗੇ? ਆਖਿਰ ਉਹ ਦਿਨ ਕਦੋਂ ਆਵੇਗਾ ਜਦੋਂ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਖੁਸ਼ਹਾਲ ਕਹਿਣ ਵਿੱਚ ਫਖ਼ਰ ਮਹਿਸੂਸ ਕਰੇਗਾ?

« »
Web Hosting Linux Reseller Hosting