
ਮੇਕਅੱਪ ਕਰਨਾ ਵੀ ਇੱਕ ਕਲਾ ਹੈ – ਰਾਜਿੰਦਰ ਸੰਧੂ
ਮੇਕਅੱਪ ਕਰਨਾ ਵੀ ਇੱਕ ਕਲਾ ਹੈ – ਰਾਜਿੰਦਰ ਸੰਧੂ
ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਦੀ ਭਾਵਨਾ ਰਖਦਾ ਹੋਵੇ, ਉਹ ਦੂਜਿਆਂ ਦੁਆਰਾ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿ ਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚਲਦਾ ਹੀ ਰਹਿੰਦਾ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ, ਜੋ ਸਮੇਂ ਦੀ ਕਦਰ ਕਰਦੇ ਹਨ ਤੇ ਉਹਦੇ ਨਾਲ ਆਪਣਾ ਕਦਮ ਦਰ ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ, ਉਹੀ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ `ਤੇ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਦੇ ਹਨ।
ਪੰਜਾਬੀ ਸੰਗੀਤ ਜਗਤ ਦੇ ਵੀਡੀਓ ਖੇਤਰ ਵਿੱਚ ਪੈਰ ਰੱਖਣ ਦੇ ਨਾਲ ਹੀ ਇਸ ਇੰਡਸਟਰੀ ਵਿੱਚ ਰੋਜ਼ਗਾਰ ਦੇ ਬਹੁਤ ਸਾਰੇ ਸਾਧਨ ਪੈਦਾ ਹੋਣੇ ਸ਼ੁਰੂ ਹੋਏ ਅਤੇ ਬਹੁਤ ਸਾਰੇ ਕਲਾਕਾਰਾਂ, ਤਕਨੀਸ਼ੀਅਨਾਂ ਅਤੇ ਗੀਤਕਾਰਾਂ ਨੂੰ ਮਾਣ-ਸਤਿਕਾਰ ਮਿਲਿਆ। ਵੀਡੀਓ ਪ੍ਰੋਡਕਸ਼ਨ ਸਮੇਂ ਕਲਾਕਾਰਾਂ ਦਾ ਮੇਕਅੱਪ ਬਹੁਤ ਜ਼ਰੂਰੀ ਅਤੇ ਲੋੜੀਂਦੀ ਮੰਗ ਹੈ, ਜਿਸ ਕਾਰਨ ਬਹੁਤ ਸਾਰੇ ਲੜਕੇ ਲੜਕੀਆਂ ਇਸ ਖੇਤਰ ਵਿੱਚ ਉਤਰੇ ਅਤੇ ਬਹੁਤਿਆਂ ਨੇ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਆਪਣੇ ਕੰਮ ਦਾ ਲੋਹਾ ਮੰਨਵਾਇਆ। ਅਜਿਹੇ ਹੀ ਮਿਹਨਤੀ ਤੇ ਸਿਰੜੀ ਮੇਕਅੱਪ ਆਰਟਿਸਟ ਦਾ ਨਾਂ ਹੈ ਰਾਜਿੰਦਰ ਸੰਧੂ। ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਵਾਲੇ ਦਿਨ, ਸੰਨ 1982 ਨੂੰ ਸ੍ਰ. ਗੁਰਚਰਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਨਿਰਮਲ ਕੌਰ ਜੀ ਦੀ ਕੁੱਖੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਪੰਡੋਰੀ ਰਾਜਪੂਤਾਂ ਵਿਖੇ ਜਨਮ ਲੈਣ ਵਾਲੇ ਰਾਜਿੰਦਰ ਸੰਧੂ ਵਿੱਚ ਵਧੀਆ ਕਲਾਕਾਰ ਬਣਨ ਵਾਲੇ ਗੁਣ ਬਚਪਨ ਤੋਂ ਹੀ ਕੁੱਟ ਕੁੱਟ ਕੇ ਭਰੇ ਹੋਏ ਸਨ।
ਲਿਟਲ ਏਂਜਲਜ਼ ਪਬਲਿਕ ਸਕੂਲ ਭੁਲੱਥ ਤੋਂ ਉਸਨੇ ਦਸਵੀਂ ਤੱਕ ਦੀ ਵਿਦਿਆ ਹਾਸਿਲ ਕੀਤੀ। ਸਕੂਲ ਦੀਆਂ ਸਭਿਆਚਾਰਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਵਾਲੇ ਰਾਜਿੰਦਰ ਸੰਧੂ ਦਾ ਝੁਕਾਅ ਇਹਨਾਂ ਦਿਨਾਂ ਤੋਂ ਹੀ ਸੰਗੀਤਕ ਦੁਨੀਆਂ ਵੱਲ ਜ਼ਿਆਦਾ ਹੋ ਗਿਆ। ਇਸੇ ਕਾਰਨ ਉਸਨੇ ਸਕੂਲੀ ਪੜ੍ਹਾਈ ਪੂਰੀ ਕਰਨ ਉਪਰੰਤ ਰੋਜ਼ੀ-ਰੋਟੀ ਲਈ ਮੇਕਅੱਪ ਆਰਟਿਸਟ ਵਜੋਂ ਆਪਣਾ ਕੈਰੀਅਰ ਚੁਣਨ ਨੂੰ ਤਰਜੀਹ ਦਿੱਤੀ ਅਤੇ ਵਰਚੁਅਲ ਆਈ ਅਕੈਡਮੀ ਜਿਹੀ ਪ੍ਰਸਿੱਧ ਸੰਸਥਾ ਤੋਂ ਮੇਕਅੱਪ ਦੇ ਕਿੱਤੇ ਵਿੱਚ ਸਿੱਖਿਆ ਹਾਸਿਲ ਕਰਨ ਦਾ ਸਰਟੀਫਿਕੇਟ ਕੋਰਸ ਪੂਰਾ ਕੀਤਾ ਅਤੇ ਇਸ ਉਪਰੰਤ ਪੰਜਾਬ ਵਿੱਚ ਬਣਦੀਆਂ ਸੰਗੀਤਕ ਐਲਬਮਾਂ ਦੀ ਤਕਨੀਕੀ ਟੀਮ ਵਿੱਚ ਬਤੌਰ ਮੇਕਅੱਪ ਆਰਟਿਸਟ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਰਾਜਿੰਦਰ ਸੰਧੂ ਦੇ ਨਿੱਘੇ ਅਤੇ ਮਿਲਾਪਣੇ ਸੁਭਾਅ ਕਰਕੇ ਉਹ ਬਹੁਤ ਜਲਦੀ ਹੀ ਆਪਣੀ ਟੀਮ ਵਿੱਚ ਘੁਲ ਮਿਲ ਜਾਂਦਾ ਹੈ। ਬਹੁਤ ਸਾਰੇ ਕਲਾਕਾਰ ਉਸ ਨਾਲ ਇੱਕ ਵਾਰ ਕੰਮ ਕਰਕੇ ਖੁਸ਼ ਹੁੰਦੇ ਹਨ ਅਤੇ ਦੁਬਾਰਾ ਫਿਰ ਉਸਨੂੰ ਆਪਣੇ ਅਗਲੇ ਕੰਮ ਵਿੱਚ ਲੈਣ ਲਈ ਪਹਿਲ ਦਿੰਦੇ ਹਨ। ਰਾਜਿੰਦਰ ਨੇ ਹੁਣ ਤੱਕ ਬਹੁਤ ਸਾਰੇ ਸੰਗੀਤਕ ਐਲਬਮ ਅਤੇ ਲਘੂ ਫ਼ਿਲਮਾਂ ਦੇ ਕਲਾਕਾਰਾਂ ਦਾ ਮੇਕਅੱਪ ਕੀਤਾ ਹੈ।
ਉਸਦੇ ਕੰਮ ਪ੍ਰਤੀ ਲਗਨ ਅਤੇ ਮਿਹਨਤ ਨੂੰ ਦੇਖ ਕੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸਦਾ ਇਸ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਸ਼ਾਲਾ ! ਇਹ ਮਾਣਮੱਤਾ ਨੌਜਵਾਨ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਹਰ ਦਿਨ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਨੂੰ ਛੋਹੇ। ਆਮੀਨ !