
ਲੰਮੀ ਉਡਾਰੀ ਲਈ ਤਿਆਰ ਗੁਰਕੀਰਤ ਸਿੰਘ (ਗੈਰੀ ਸੰਧੂ)
ਲੰਮੀ ਉਡਾਰੀ ਲਈ ਤਿਆਰ ਗੁਰਕੀਰਤ ਸਿੰਘ (ਗੈਰੀ ਸੰਧੂ)
ਗੁਰਕੀਰਤ ਸਿੰਘ ਨੂੰ ਜਦੋਂ ਮੈਂ ਪਹਿਲੀ ਵਾਰੀ ਪੰਜਾਬੀ ਫ਼ੀਚਰ ਫ਼ਿਲਮ `ਗਰੇਟ ਸਰਦਾਰ` ਵਿੱਚ ਐਕਟਿੰਗ ਕਰਦਿਆਂ ਵੇਖਿਆ ਸੀ ਤਾਂ ਉਸ ਨੌਜਵਾਨ ਵਿੱਚ ਮੌਜੂਦ ਸੰਭਾਵਨਾਵਾਂ ਨੇ ਮੇਰਾ ਮਨ ਟੁੰਬਿਆ ਸੀ। ਉਸਦੀ ਐਕਟਿੰਗ ਵਿੱਚ ਇੱਕ ਸੁਭਾਵਿਕਤਾ ਸੀ ਅਤੇ ਇਹ ਹੀ ਇੱਕ ਵਧੀਆ ਅਤੇ ਪ੍ਰਪੱਕ ਕਲਾਕਾਰ ਦਾ ਗੁਣ ਹੁੰਦਾ ਹੈ ਕਿ ਉਹ ਦਿੱਤੇ ਗਏ ਕਿਰਦਾਰ ਨੂੰ ਕਿੰਨੀ ਕੁ ਸੁਭਾਵਿਕਤਾ ਨਾਲ ਨਿਭਾ ਸਕਦਾ ਹੈ।
ਗੁਰਕੀਰਤ ਸਿੰਘ ਦਾ ਛੋਟਾ ਨਾਂ ਗੈਰੀ ਸੰਧੂ ਵੀ ਹੈ। ਗੁਰਕੀਰਤ ਨੇ ਆਪਣੀ ਮੁੱਢਲੀ ਪੜ੍ਹਾਈ ਅੰਮ੍ਰਿਤਸਰ, ਲੁਧਿਆਣਾ ਸ਼ਹਿਰਾਂ ਤੋਂ ਕੀਤੀ। ਉਸਦੇ ਪਿਤਾ ਸ੍ਰ. ਸਰੂਪ ਸਿੰਘ ਸੰਧੂ ਏਅਰ ਫੋਰਸ ਵਿੱਚ ਹੋਣ ਕਰਕੇ ਗੁਰਕੀਰਤ ਨੇ ਕਈ ਸ਼ਹਿਰਾਂ ਦਾ ਕਲਚਰ ਵੇਖਿਆ ਅਤੇ ਇਸੇ ਦੌਰਾਨ ਹੀ ਉਸਦਾ ਐਕਟਿੰਗ ਦਾ ਸ਼ੌਕ ਪ੍ਰਵਾਨ ਚੜ੍ਹਿਆ। ਇਹਨੀਂ ਦਿਨੀਂ ਉਹ ਬੀ. ਕੌਮ ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਰਹਿ ਕੇ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਨਾਲ ਨਾਲ ਉਸਨੇ ਸ਼ੌਕ ਵਜੋਂ ਐਕਟਿੰਗ ਵੀ ਜਾਰੀ ਰੱਖੀ ਹੋਈ ਹੈ। ਹੁਣ ਤੱਕ ਉਹ `ਗਰੇਟ ਸਰਦਾਰ`, `ਆਖਰੀ ਵਾਰਿਸ` ਅਤੇ `ਯਾਰ ਮੇਰਾ ਰੱਬ ਵਰਗਾ` ਜਿਹੀਆਂ ਪੰਜਾਬੀ ਫੀਚਰ ਫਿਲਮਾਂ ਵਿੱਚ ਆਪਣੀ ਕਲਾ ਦੇ ਜੌਹਰ ਵਿਖਾ ਚੁੱਕਿਆ ਹੈ।
ਇਹਨੀਂ ਦਿਨੀਂ ਗੁਰਕੀਰਤ ਆਪਣੀ ਆ ਰਹੀ ਪੰਜਾਬੀ ਫੀਚਰ ਫਿਲਮ `ਮੁੰਡਾ ਸਰਦਾਰਾਂ ਦਾ` ਲਈ ਇੱਕ ਵਿਸ਼ੇਸ਼ ਰੋਲ `ਤੇ ਕੰਮ ਕਰ ਰਿਹਾ ਹੈ। ਇਸ ਫਿਲਮ ਦਾ ਮੁੱਖ ਹੀਰੋ ਰਵਿੰਦਰ ਗਰੇਵਾਲ ਹੈ। ਪੰਜਾਬੀ ਦੇ ਨਾਮਵਰ ਸਿਤਾਰਿਆਂ ਨਾਲ ਸਜੀ ਇਹ ਫਿਲਮ ਤੇਜੀ ਸੰਧੂ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ।
ਆਸ ਕਰਦੇ ਹਾਂ ਕਿ ਇਹ ਫਿਲਮ ਗੁਰਕੀਰਤ ਸਿੰਘ ਉਰਫ ਗੈਰੀ ਸੰਧੂ ਦੇ ਅਭਿਨੈ ਸਫਰ ਨੂੰ ਇੱਕ ਨਵੀਂ ਸੇਧ ਦੇਵੇਗੀ ਅਤੇ ਉਹ ਸਿਤਾਰਾ ਬਣਕੇ ਪੰਜਾਬੀ ਸਿਨੇਮਾ ਜਗਤ ਦੇ ਅਸਮਾਨ `ਤੇ ਚਮਕਣ ਲੱਗੇਗਾ।