
ਸੁਹਜ ਅਤੇ ਕਲਾ ਪੱਖੋਂ ਭਾਵੁਕ ਇਨਸਾਨ ਹੈ ਕੈਮਰਾਮੈਨ ਹਰਪ੍ਰੀਤ ਸਿੰਘ
ਸੁਹਜ ਅਤੇ ਕਲਾ ਪੱਖੋਂ ਭਾਵੁਕ ਇਨਸਾਨ ਹੈ ਕੈਮਰਾਮੈਨ ਹਰਪ੍ਰੀਤ ਸਿੰਘ
sunehrai akkhar bureau
ਸੁਹਜ ਅਤੇ ਕਲਾ ਦੇ ਪੱਖ ਤੋਂ ਇਨਸਾਨ ਹਮੇਸ਼ਾ ਭਾਵੁਕ ਹੀ ਰਿਹਾ ਹੈ। ਸਾਡੇ ਵਿਚੋਂ ਬਹੁਤ ਸਾਰੇ ਇੱਕੋ ਘਟਨਾ ਨੂੰ ਅਲੱਗ ਅਲੱਗ ਨਜ਼ਰੀਏ ਤੋਂ ਵੇਖਦੇ ਹਨ। ਇਸੇ ਤਰ੍ਹਾਂ ਕੁਦਰਤ ਦੇ ਸੁਹੱਪਣ ਨੂੰ ਕੈਮਰੇ ਦੀ ਅੱਖ ਰਾਹੀਂ ਕੈਦ ਕਰਨਾ ਵੀ ਇੱਕ ਕਲਾ ਹੈ। ਇਹ ਕਲਾ ਪ੍ਰਮਾਤਮਾ ਕਿਸੇ ਕਿਸੇ ਨੂੰ ਬਖ਼ਸ਼ਦਾ ਹੈ। ਇਸੇ ਤਰ੍ਹਾਂ ਦੀ ਕਲਾ ਨੂੰ ਬਚਪਨ ਤੋਂ ਹੀ ਆਪਣੇ ਸੀਨੇ ਅੰਦਰ ਸਮੋਈ ਬੈਠਾ ਹਰਪ੍ਰੀਤ ਸਿੰਘ ਅੱਜਕੱਲ੍ਹ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕੈਮਰਾ ਨਿਰਦੇਸ਼ਕ ਅਤੇ ਕੈਮਰਾ ਓਪਰੇਟਰ ਦਾ ਕੰਮ ਕਰ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਤਕੋਹਾ ਦਾ ਵਸਨੀਕ ਇਹ ਨੌਜਵਾਨ ਫ਼ਿਲਮੀ ਸਮੇਂ ਤੋਂ ਇਲਾਵਾ ਵੀ ਆਪਣੇ ਜੀਵਨ ਵਿੱਚ ਫੋਟੋਗ੍ਰਾਫੀ ਨੂੰ ਸ਼ੌਕ ਵਜੋਂ ਵਰਤਦਾ ਰਹਿੰਦਾ ਹੈ।
ਪੰਜਾਬੀ ਫ਼ੀਚਰ ਫ਼ਿਲਮ ਦਿਲਦਾਰੀਆਂ ਅਤੇ ਜਰਨੀ ਆਫ ਪੰਜਾਬ ਵਿੱਚ ਬਤੌਰ ਸਹਾਇਕ ਕੈਮਰਾਮੈਨ ਵਜੋਂ ਕੰਮ ਕਰਨ ਵਾਲੇ ਇਸ ਨੌਜਵਾਨ ਦੇ ਸੁਪਨੇ ਬਹੁਤ ਉਚੇ ਹਨ। ਉਹ ਚੰਗਾ ਕੰਮ ਕਰਨ ਤੋਂ ਕਦੀ ਵੀ ਨਹੀਂ ਉਕਦਾ ਅਤੇ ਇਸ ਲਈ ਉਹ ਪੈਸੇ ਵਾਲੇ ਪੱਖ ਤੋਂ ਵੀ ਸਮਝੌਤਾ ਕਰਨ ਲਈ ਤਿਆਰ ਹੋ ਜਾਂਦਾ ਹੈ। ਪੰਜਾਬੀ ਫੀਚਰ ਫਿਲਮਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਨੇ ਪੰਜਾਬੀ ਵਿੱਚ ਬਣਨ ਵਾਲੀਆਂ ਲਘੂ ਫ਼ਿਲਮਾਂ `ਪ੍ਰਬੰਧ` ਅਤੇ `ਵਨ ਟੂ ਦਾ ਫੋਰ` ਵਿੱਚ ਵੀ ਬਤੌਰ ਸਹਾਇਕ ਕੈਮਰਾਮੈਨ ਕੰਮ ਕੀਤਾ ਹੈ।
ਹਰਪ੍ਰੀਤ ਸਿੰਘ ਇਹਨੀਂ ਦਿਨੀਂ ਛੋਟੇ-ਵੱਡੇ ਕਈ ਪ੍ਰੋਜੈਕਟਾਂ ਵਿੱਚ ਰੁਝਿਆ ਹੋਇਆ ਹੈ ਅਤੇ ਉਸਦੀ ਮਿਹਨਤ ਨੂੰ ਦੇਖ ਕੇ ਲਗਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਕਿਸੇ ਅਜਿਹੀ ਫ਼ਿਲਮ ਦਾ ਫੋਟੋਗ੍ਰਾਫੀ ਨਿਰਦੇਸ਼ਨ ਕਰੇਗਾ, ਜਿਸਨੂੰ ਲੋਕ ਚਿਰਾਂ ਤੱਕ ਉਸਦੇ ਕੰਮ ਪ੍ਰਤੀ ਯਾਦ ਰੱਖਣਗੇ। ਸਾਡੀ ਇਹੋ ਦਿਲੀ ਕਾਮਨਾ ਹੈ।