ਕਰੋਨਾ ਵਾਇਰਸ ਦੇ ਸੰਕਟ ਕਾਰਨ ਉਪਜੇ ਹਾਲਾਤ

ਚੀਨ ਤੋਂ ਆਰੰਭ ਹੋ ਕੇ ਸਮੁੱਚੇ ਵਿਸ਼ਵ ਦੇ ਵਿੱਚ ਫੈਲ ਚੁੱਕਿਆ ਕਰੋਨਾ ਵਾਇਰਸ ਅਜੋਕੇ ਵਿਸ਼ਵ ਲਈ ਇੱਕ ਨਵੀਂ ਚੁਣੋਤੀ ਬਣ ਕੇ ਉਭਰਿਆ ਹੈ। ਕਰੋਨਾ ਨੇ ਵਿਸ਼ਵ ਦੀਆਂ ਆਰਥਿਕ ਅਤੇ ਸੈਨਿਕ ਮਹਾਂ ਸਕਤੀਆਂ ਨੂੰ ਆਪਣੇ ਪ੍ਰਭਾਵ ‘ਚ ਇਸ ਤਰ੍ਹਾਂ ਲਿਆ ਹੈ ਕਿ ਉਨ੍ਹਾਂ ਨੂੰ ਕਰੋਨਾ ਤੋਂ ਬਚਣ ਦਾ ਕੋਈ ਰਾਹ ਨਹੀਂ ਲੱਭ ਰਿਹਾ। ਦੁਨੀਆਂ ਦੀ ਸੁਪਰ ਪਾਵਰ ਸਮਝਿਆ ਜਾਣ ਵਾਲਾ ਦੇਸ਼ ਅਮਰੀਕਾ ਜੋ ਕਿ ਵੱਖ-ਵੱਖ ਸਮਿਆਂ ਤੇ ਦੁਨੀਆਂ ਦੇ ਛੋਟੇ-ਵੱਡੇ ਦੇਸ਼ਾਂ ਨੂੰ ਟਿੱਚ ਜਾਣ ਕੇ ਆਪਣੇ ਹਿੱਤਾਂ ਦੀ ਰਾਖੀ ਕਰਨ ‘ਚ ਪ੍ਰਸਿਧ ਮੰਨਿਆਂ ਜਾਂਦਾ ਹੈ, ਨੂੰ ਵੀ ਗੋਡੇ ਟੇਕਣ ਦੀ ਕਗਾਰ ਤੇ ਲਿਆ ਖੜ੍ਹਾ ਕੀਤਾ ਹੈ। ਅਮਰੀਕਾ ਦਾ ਧਮਕੀ ਭਰਿਆ ਲਹਿਜਾ ਉਸਦੀ ਸਾਰੀ ਆਧੁਨਿਕ ਤਕਨੀਕ ਇਸ ਬੀਮਾਰੀ ਦਾ ਮੁਕਾਬਲਾ ਕਰਨ ‘ਚ ਅਸਮੱਰਥ ਨਜ਼ਰ ਆ ਰਹੀ ਹੈ। ਇਹ ਹਾਲ ਹੋਰ ਵੀ ਕਈ ਵਿਕਸਤ ਦੇਸ਼ਾਂ (ਜਿਹੜੇ ਆਪਣੇ ਆਪ ਨੂੰ ਸਰਵਗੁਣ ਸੰਪਨ ਮੰਨਦੇ ਸਨ) ਦਾ ਹੋ ਰਿਹਾ ਹੈ। ਇਸ ਕੁਦਰਤੀ ਆਫ਼ਤ ਨੇ ਸਮੁੱਚੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਰਤ ਵੀ ਇਸ ਵਾਇਰਸ ਦੇ ਪ੍ਰਭਾਵ ਵਿੱਚ ਆਉਣ ਵਾਲੇ ਦੇਸ਼ਾਂ ‘ਚੋਂ ਇੱਕ ਦੇਸ਼ ਹੈ। ਸਾਡੇ ਦੇਸ਼ ‘ਚ ਭਾਵੇਂ ਇਸ ਦਾ ਪ੍ਰਭਾਵ ਚੀਨ, ਇਟਲੀ, ਅਮਰੀਕਾ ਆਦਿ ਵਾਂਗ ਬਹੁਤ ਜ਼ਿਆਦਾ ਨਹੀਂ ਪਰ ਫਿਰ ਵੀ ਭਾਰਤ ਦੇ ਸਾਧਨਾਂ ਅਤੇ ਜਨਸੰਖਿਆ ਦੀ ਤੁਲਨਾ ਨੂੰ ਦੇਖ ਕੇ ਇਹ ਡਰ ਜ਼ਰੂਰ ਬਣਿਆ ਹੋਇਆ ਹੈ ਕਿ ਜੇਕਰ ਲੋਕਾਂ ਵੱਲੋਂ ਥੋੜੀ ਅਣਗਹਿਲੀ ਵੀ ਵਰਤੀ ਗਈ ਤਾਂ ਇਸ ਵਾਇਰਸ ਨਾਲ ਭਾਰਤ ਦੇ ਲੋਕਾਂ ਨੂੰ ਬਹੁਤ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਹੀ ਲਗਭਗ ਸਮੁੱਚੇ ਭਾਰਤ ‘ਚ ਪਿਛਲੇ ਤਿੰਨ ਹਫਤਿਆਂ ਤੋਂ ਲਾਕ ਡਾਊਣ-ਕਮ-ਕਰਫਿਊ ਚੱਲਾ ਆ ਰਿਹਾ ਹੈ, ਜੋ ਕੇ ਹਾਲ ਦੀ ਘੜੀ ਕਈ ਰਾਜਾਂ ਵਿੱਚ 30 ਅਪ੍ਰੈਲ ਤੱਕ ਚੱਲਣਾ ਹੈ। 30 ਅਪ੍ਰੈਲ ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋਏ ਅੱਗੇ ਵੀ ਵਧਾਇਆ ਜਾ ਸਕਦਾ ਹੈ। ਇੱਥੇ ਮੈਂ ਇਹ ਗੱਲ ਜ਼ਰੂਰ ਕਹੂੰਗਾਂ ਕਿ ਜੇਕਰ ਪਹਿਲਾਂ ਹੀ ਸਾਵਧਾਨੀ ਵਰਤੀ ਜਾਂਦੀ ਤਾਂ ਸ਼ਾਇਦ ਕਰਫਿਊ ਲਗਾਉਣ ਦੀ ਨੌਬਤ ਨਾ ਆਉਂਦੀ। ਮੇਰੇ ਕਹਿਣ ਦਾ ਭਾਵ ਹੈ, ਕਿ ਜਦੋਂ ਜਨਵਰੀ ਵਿੱਚ ਚੀਨ ‘ਚ ਕਰੋਨਾ ਦਾ ਪ੍ਰਕੋਪ ਆਪਣੇ ਪੂਰੇ ਜੋਬਨ ਤੇ ਸੀ ਉਦੋਂ ਹੀ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਰਹੇਜ਼ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਇਕਾਂਤ ‘ਚ ਰੱਖ ਲੈਣਾ ਚਾਹੀਦਾ ਸੀ। ਇਸ ਨਾਲ ਆਮ ਨਾਗਰਿਕਾਂ ‘ਚ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਕਿਹਾ ਜਾਂਦਾ ਹੈ ਕਿ ਪਰਹੇਜ਼ ਇਲਾਜ਼ ਨਾਲੋਂ ਵੱਧ ਲਾਭਦਾਇਕ ਹੁੰਦਾ ਹੈ। ਇਸ ਕਰਕੇ ਹੁਣ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜਾਂ ਦੀ ਸਰਕਾਰਾਂ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਚੁੱਕਿਆ ਕਰਫਿਊ ਵਾਲਾ ਕਦਮ ਜਨਤਕ ਹਿੱਤਾਂ ਵਿੱਚ ਹੀ ਜਾਪਦਾ ਹੈ। ਪਰ ਇਸਦੇ ਨਾਲ ਇਹ ਵੀ ਇੱਕ ਸੱਚਾਈ ਹੈ ਕਿ ਭਾਰਤ ਦੀ ਸਮੁੱਚੀ ਜਨਸੰਖਿਆ ਦੀ ਬਹੁ-ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਰੋਜ਼ ਦੀ ਰੋਜ਼ ਕਮਾ ਕੇ ਕਰਦੀ ਹੈ ਅਤੇ ਨਾਲ ਹੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ ਮੰਗ ਕੇ (ਭਿਖਾਰੀ) ਆਪਣਾ ਪੇਟ ਭਰਦਾ ਹੈ। ਕੁਦਰਤੀ ਰੂਪ ‘ਚ ਕਰਫਿਊ ਦੌਰਾਨ ਇਹਨਾਂ ਭਾਰਤੀ ਲੋਕਾਂ ਲਈ ਰੋਜ਼ਾਨਾ ਜ਼ਰੂਰਤ ਦੇ ਸਮਾਨ ਦੇ ਨਾਲ-ਨਾਲ ਦੋ ਵਕਤ ਦੀ ਰੋਟੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਕਰਕੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਵੋਟ ਰਾਜਨੀਤੀ ਅਤੇ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਭਲੇ ਲਈ ਬਿਨਾਂ ਕਿਸੇ ਭੇਦ-ਭਾਵ ਤੋਂ ਇਹਨਾਂ ਗਰੀਬ ਲੋਕਾਂ ਲਈ ਖੁਲ-ਦਿਲੀ ਨਾਲ ਫੈਸਲੇ ਲੈਣੇ ਚਾਹੀਦੇ ਹਨ ਤਾਂ ਕਿ ਕਰੋਨਾ ਵਾਇਰਸ ਤੋਂ ਬਚਣ ਦੇ ਡਰ ਕਾਰਨ ਲਾਏ ਗਏ ਕਰਫਿਊ ਦੀ ਸਥਿਤੀ ‘ਚ ਪਨਪ ਰਹੀ ਭੁੱਖਮਰੀ ਤੋਂ ਵੀ ਲੋਕਾਂ ਨੂੰ ਬਚਾਇਆ ਜਾ ਸਕੇ। ਸਰਕਾਰੀ ਪੱਧਰ ਤੇ ਭਾਵੇਂ ਕਿ ਕੁਝ ਰਾਸ਼ਨ ਲੋਕਾਂ ਤੱਕ ਪਹੁੰਚਾਇਆ ਵੀ ਜਾ ਰਿਹਾ ਹੈ ਪਰ ਉਹ ਜਨਸੰਖਿਆਂ ਦੇ ਅਨੁਸਾਰ ਬਹੁਤ ਘੱਟ ਹੈ। ਇਸ ਕਰਕੇ ਇਸ ਮੁਹਿੰਮ ਨੂੰ ਹੋਰ ਜੰਗੀ ਪੱਧਰ ਤੇ ਬਿਨਾਂ ਕਿਸੇ ਭੇਦ ਭਾਵ ਤੋਂ ਗਰੀਬ ਲੋਕਾਂ ਤੱਕ ਲੈ ਕੇ ਜਾਣ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਭਾਰਤ ਦੇ ਵੱਡੇ-ਵੱਡੇ ਉਦਯੋਗਿਕ ਘਰਾਣਿਆਂ ਨੂੰ ਵੀ ਇਹਨਾਂ ਔਖੇ ਹਾਲਾਤਾਂ ‘ਚ ਲੋਕਾਂ ਦੀ ਸਹਾਇਤਾ ਲਈ ਹਰ ਪੱਧਰ ਤੇ ਅੱਗੇ ਆਉਣਾ ਚਾਹੀਦਾ ਹੈ। ਜਿਸ ਵਿੱਚ ਜਿੰਨੀ ਹਿੰਮਤ ਹੈ ਉਹ ਆਪਣੀ ਹਿੰਮਤ ਅਤੇ ਹੈਸੀਅਤ ਦੇ ਅਨੁਸਾਰ ਲੋਕਾਈ ਦੀ ਭਲਾਈ ਲਈ ਅੱਗੇ ਆਵੇ। ਸੋਸਲ ਮੀਡੀਆ ਤੇ ਵਾਇਰਲ ਹੋ ਰਹੀਆਂ ਕੁਝ ਕਲਿਪਾਂ ਤੋਂ ਇਹ ਵੀ ਸਾਹਮਣੇ ਆਇਆ ਕਿ ਕੁਝ ਸਿੱਖ, ਮੁਸਲਿਮ ਅਤੇ ਹਿੰਦੂ ਜੱਥੇਬੰਦੀਆਂ ਇਸ ਔਖੀ ਘੜੀ ‘ਚ ਆਪਣੀ ਜਾਣ ਅਤੇ ਮਾਲ ਦੀ ਪਰਵਾਹ ਨਾ ਕਰਦੇ ਹੋਏ ਭੁੱਖੇ ਮਰ ਰਹੇ ਲੋਕਾਂ ਲਈ ਇੱਕ ਆਸ ਦੀ ਕਿਰਨ ਬਣ ਕੇ ਕੰਮ ਕਰ ਰਹੀਆਂ ਹਨ ਜੋ ਕਿ ਬਹੁਤ ਸ਼ਲਾਘਾ ਯੋਗ ਅਤੇ ਵੱਡਾ ਕੰਮ ਹੈ।

ਪਰ ਤਸਵੀਰ ਦਾ ਦੂਜਾ ਪਾਸਾ ਵੀ ਹੈ; ਇੱਥੇ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਲਈ ਤਾਂ ਕਰੋਨਾ ਵਾਇਰਸ ਤੋਂ ਵੀ ਖਤਰਨਾਕ ਵਾਇਰਸ ਜੋ ਭਾਰਤ ਨੂੰ ਹਰ ਪੱਖ ਤੋਂ ਖੋਖਲਾ ਕਰਕੇ ਬਰਬਾਦੀ ਵੱਲ ਲੈ ਕੇ ਜਾ ਰਿਹਾ ਹੈ, ਉਹ ਹੈ ‘ਧਰਮ ਜਾਂ ਜਾਤ ਦੇ ਆਧਾਰ ਤੇ ਨਫਰਤ’। ਸੱਤਾ ਦਾ ਸੁੱਖ ਭੋਗਣ ਲਈ ਭਾਰਤੀ ਰਾਜਨੇਤਾਵਾਂ ਵੱਲੋਂ ਅਤੇ ਭਾਰਤੀ ਲੋਕਤੰਤਰ ਦੇ ਚੌਥਾ ਥੰਮ ਮੰਨੇ ਜਾਂਦੇ ਮੀਡੀਆ ਮੁੱਖ ਰੂਪ ‘ਚ ਇਲੈਕਟ੍ਰੋਨਿਕ ਮੀਡੀਆ ਜਾਂ ਬਹੁਤੇ ਨਿਊਜ਼ ਚੈਨਲਾਂ ਵੱਲੋਂ ਅਨਪੜ੍ਹ ਅਤੇ ਜਾਨੂੰਨੀ ਭਾਰਤੀ ਲੋਕਾਂ ਦੇ ਅੰਦਰ ਇਸ ਵਾਇਰਸ ਨੂੰ ਇਸ ਕਦਰ ਭਰਿਆ ਜਾ ਰਿਹਾ ਹੈ, ਜਿਸਦਾ ਵਿਸਫੋਟ ਪ੍ਰਮਾਣੂ ਬੰਬ ਨਾਲੋਂ ਵੀ ਵੱਧ ਖਤਰਨਾਕ ਹੋਵੇਗਾ। ਇਸ ਵਾਇਰਸ ਦਾ ਪ੍ਰਭਾਵ ਅਸੀਂ ਪਹਿਲਾਂ ਵੀ ਮੁੱਖ ਰੂਪ ‘ਚ 1947, 1984, 2002, 2020 ਵਿੱਚ ਦੇਖ ਚੁੱੱਕੇ ਹਾਂ। ਭਾਰਤੀ ਮੀਡੀਆ ਦਾ ਇਹ ਨਾ ਭੁਲੱਣਯੋਗ ਕਾਲਾ ਦੌਰ ਹਮੇਸ਼ਾ ਭਾਰਤੀ ਲੋਕਾਂ ਨੂੰ ਯਾਦ ਰਹੇਗਾ ਕਿ ਕਿਸ ਤਰ੍ਹਾਂ ਜਦੋਂ ਸਮੁੱਚਾ ਵਿਸ਼ਵ ਕਰੋਨਾ ਨਾਮ ਦੇ ਖਤਰਨਾਕ ਵਾਇਰਸ ਨਾਲ ਲੜ੍ਹਣ ਅਤੇ ਉਸਦੇ ਇਲਾਜ਼ ਲਈ ਖੋਜਾਂ ਕਰਨ ‘ਚ ਲੱਗਿਆ ਹੋਇਆ ਸੀ ਤਾਂ ਉਸ ਸਮੇਂ ਭਾਰਤੀ ਮੀਡੀਆ ਦੇ ਖੋਜ ਕਰਤਾਵਾਂ ਨੇ ਕਰੋਨਾ ਵਾਇਰਸ ਨੂੰ ਇੱਕ ਧਾਰਮਿਕ ਵਾਇਰਸ ਘੋਸ਼ਿਤ ਕਰ ਦੇਣ ਦੀ ਇੱਕ ਵਿਸ਼ਵ ਪ੍ਰਸਿੱਧ ਬੇਮਿਸਾਲ ਖੋਜ ਕੀਤੀ ਸੀ ਤੇ ਇਸ ਨਾਲ ਹੋਣ ਵਾਲੀ ਬੀਮਾਰੀ ਨੂੰ ਕਰੋਨਾ ਜਿਹਾਦ ਦਾ ਨਾਮ ਦਿੱਤਾ ਸੀ। ਜਿਸ ਦਾ ਕੁਝ ਨਿਊਜ਼ ਚੈਨਲਾਂ ਨੂੰ ਛੱਡ ਕੇ ਬਹੁਤੇ ਨਿਊਜ਼ ਚੈਨਲਾਂ ਨੇ ਖੂਬ ਚੀਕ-ਚੀਕ ਕੇ ਜਰਨਲਿਜ਼ਮ ਦੇ ਮਿਆਰ ਅਤੇ ਇਸ ਪ੍ਰਚਾਰ ਦੇ ਸਮਾਜ ਤੇ ਪੈਣ ਵਾਲੇ ਬੁਰੇ ਪ੍ਰਭਾਵ ਦੀ ਪਰਵਾਹ ਕੀਤੇ ਬਿਨਾਂ ਬਹੁਤ ਰੋਲਾ ਪਾਇਆ ਸੀ। ਮੀਡੀਆ ਜਿਸ ਨੂੰ ਲੋਕਾਂ ਦੇ ਸਾਹਮਣੇ ਸੱਚਾਈ ਲੈ ਕੇ ਆਉਣ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਇੱਕ ਸਾਧਨ ਮੰਨਿਆ ਜਾਂਦਾ ਹੈ, ਉਸ ਮੀਡੀਆ ਵੱਲੋਂ ਆਪਣੇ ਮਾਲਕਾਂ ਦੇ ਸੌੜੇ ਰਾਜਨੀਤਕ ਅਤੇ ਆਰਥਿਕ ਹਿੱਤਾਂ ਦੀ ਪੂਰਤੀ ਲਈ ਬੋਲੇ ਝੂਠ ਕਾਰਨ ਇੱਕ ਵਿਸ਼ੇਸ਼ ਘੱਟ ਗਿਣਤੀ ਲਈ ਕਰੋਨਾ ਵਾਇਰਸ ਦੀ ਬੀਮਾਰੀ ਦੇ ਪ੍ਰਕੋਪ ਨਾਲ ਲੜਣ ਦੇ ਨਾਲ-ਨਾਲ ਸਮਾਜਿਕ ਹਾਲਾਤ ਵੀ ਬਹੁਤ ਅਣਸੁਖਾਵੇਂ ਬਣਾ ਦਿੱਤੇ ਗਏ ਹਨ। ਵਾਇਰਲ ਵਿਡੀਓ ਕਲਿਪਾਂ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਕਈ ਜਗ੍ਹਾਂ ਕਿਸ ਤਰ੍ਹਾਂ ਘੱਟ ਗਿਣਤੀ ਦੇ ਲੋਕਾਂ ਤੇ ਕਰੋਨਾ ਵਾਇਰਸ ਦੇ ਫੈਲਾਓ ਦੇ ਕਾਰਨ ਨੂੰ ਮੁੱਦਾ ਬਣਾ ਕੇ ਤਰ੍ਹਾਂ ਤਰ੍ਹਾਂ ਦੇ ਜੁਲਮ ਕੀਤੇ ਗਏ ਹਨ, ਜਿੱਥੇ ਇਸ ਨਾਲ ਇੱਕ ਵਿਸ਼ੇਸ਼ ਘੱਟ ਗਿਣਤੀ ਨੂੰ ਇਸ ਝੂਠ ਅਤੇ ਗੰਦੀ ਰਾਜਨੀਤੀ ਦੇ ਕੂੜ ਪ੍ਰਚਾਰ ਦਾ ਖਮਿਆਜ਼ਾ ਭੁਗਤਨਾ ਪਿਆ ਹੈ, ਉੱਥੇ ਹੀ ਭਾਰਤ ਦੀ ਛਵੀ ਅੰਤਰ ਰਾਸ਼ਟਰੀ ਪੱਧਰ ਤੇ ਵੀ ਬਹੁਤ ਖਰਾਬ ਹੋ ਰਹੀ ਹੈ। ਇਸ ਕਾਰਨ ਵਿਸ਼ਵ ਪੱਧਰ ਤੇ ਭਾਰਤ ਦੀ ਸਥਿਤੀ ਬਹੁਤ ਹਾਸੋਹੀਣੀ ਬਣੀ ਹੋਈ ਹੈ ਕਿ ਜਦੋਂ ਸਮੁੱਚਾ ਵਿਸ਼ਵ ਇੱੱਕਜੁੱਟ ਹੋ ਕੇ ਬਿਨਾਂ ਕਿਸੇ ਭੇਦ-ਭਾਵ ਦੇ ਇਸ ਮਹਾਂਮਾਰੀ ਨਾਲ ਲੜ ਰਿਹਾ ਹੈ ਉਦੋਂ ਭਾਰਤੀ ਮੀਡੀਆ ਦਾ ਇੱਕ ਵੱਡਾ ਹਿੱਸਾ ਅਤੇ ਕੁਝ ਕੱਟੜ ਵਿਚਾਰਧਾਰਾ ਵਾਲੇ ਸੰਗਠਨ ਭਾਰਤੀ ਲੋਕਾਂ ‘ਚ ਨਫਰਤ ਫੈਲਾ ਕੇ ਆਪਸ ‘ਚ ਵਿਰੋਧ ਵਧਾ ਕੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਆਪਸੀ ਲੜਾਈ ਝਗੜੇ ਲਈ ਉਕਸਾ ਰਹੇ ਹਨ। ਇਸ ਗੈਰ ਜਿੰਮੇਵਾਰਾਨਾਂ ਵਿਵਹਾਰ ਨੂੰ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਠਹਿਰਾਇਆਂ ਜਾ ਸਕਦਾ। ਸੋ ਮੇਰੀ ਸਮੁੱਚੇ ਭਾਰਤ ਦੇ ਹਰ ਇੱਕ ਧਰਮ ਅਤੇ ਜਾਤ ਨਾਲ ਸਬੰਧਤ ਲੋਕਾਂ ਨੂੰ ਦਿਲੋਂ ਅਪੀਲ ਹੈ ਕਿ ਇਸ ਔਖੇ ਸਮੇਂ ਵਿੱਚ ਜੇਕਰ ਭਾਰਤ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਹਰੇਕ ਤਰ੍ਹਾਂ ਦੇ ਭੇਦ-ਭਾਵ ਭੁਲਾ ਕੇ ਮਨੁੱਖਤਾ ਨੂੰ ਆਪਣਾ ਧਰਮ ਸਮਝ ਕੇ ਅੱਗੇ ਆਓ ਤਾਂ ਕਿ ਇਸ ਔਖੀ ਜੰਗ ਨੂੰ ਵੀ ਅਸੀਂ ਫ਼ਤਿਹ ਕਰ ਸਕੀਏ।
ਧਾਰਮਿਕ ਨਫਰਤ ਦੇ ਕਾਰਨ ਜੋ ਅੱਜ ਦੇਸ਼ ਦੇ ਹਾਲਾਤ ਬਣ ਰਹੇ ਹਨ ਉਸ ਕਾਰਨ ਸਮੁੱਚਾ ਭਾਰਤ ਆਉਣ ਵਾਲੇ ਸਮੇਂ ਜਬਰਦਸਤ ਆਰਥਿਕ ਮੰਦੀ, ਬੇਰੁਜ਼ਗਾਰੀ ਅਤੇ ਅਰਾਜਕਤਾ ਵੱਲ ਵੱਧ ਰਿਹਾ ਹੈ ਜੋ ਕੇ ਦੇਸ਼ ਭਗਤਾਂ ਅਤੇ ਦੇਸ਼ ਦੇ ਸ਼ੁਭ ਚਿੰਤਕਾਂ ਲਈ ਕੋਈ ਚੰਗੇ ਸੰਕੇਤ ਨਹੀਂ ਹਨ। ਭਾਰਤ ਸਦੀਆਂ ਤੋਂ ਵੱਖ-ਵੱਖ ਧਰਮਾਂ ਰੂਪੀ ਫੱੂਲਾਂ ਦਾ ਇੱਕ ਅਜਿਹਾ ਗੁਲਦਸਤਾ ਰਿਹਾ ਹੈ, ਜਿਸਨੂੰ ਵਿਸ਼ਵ ਪੱਧਰ ਤੇ ਅਨੇਕਤਾ ਵਿੱਚ ਏਕਤਾ ਦੀ ਸਰਵ-ਉੱਤਮ ਉਦਾਹਰਨ ਮੰਨਿਆ ਜਾਂਦਾ ਰਿਹਾ ਹੈ। ਇਸਦੀ ਇਹ ਵਿਸ਼ੇਸ਼ਤਾ ਪਿਛਲੇ ਲੰਮੇ ਸਮੇਂ ਤੋਂ ਬਣੀ ਹੋਈ ਹੈ। ਇਸੀ ਕਾਰਨ ਸੁਤੰਤਰ ਭਾਰਤ ਦੇ ਸੰਵਿਧਾਨ ਵਿੱਚ ਕਿਸੇ ਵਿਸ਼ੇਸ਼ ਧਰਮ ਨੂੰ ਰਾਜ ਧਰਮ ਦਾ ਦਰਜਾ ਨਹੀਂ ਦਿੱਤਾ ਗਿਆ। ਸਗੋਂ ਸੰਵਿਧਾਨ ਦੇ ਅਨੁਛੇਦ 25 ਤੋਂ 28 ਤੱਕ ਭਾਰਤ ਦੇ ਹਰੇਕ ਨਾਗਰਿਕ ਨੂੰ ਧਾਰਮਿਕ ਸੁੰਤਰਤਾ ਦਾ ਮੌਲਿਕ ਅਧਿਕਾਰ ਦਿੱਤਾ ਗਿਆ ਹੈ। ਜਿਸ ਦੇ ਅਧੀਨ ਭਾਰਤ ਦੇ ਹਰੇਕ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਮੰਨਣ, ਉਸ ਧਰਮ ਦੇ ਸਿਧਾਤਾਂ ਅਨੁਸਾਰ ਪੂਜਾ ਪਾਠ ਕਰਨ, ਧਰਮ ਸਥਾਨ ਬਣਾਉਣ, ਇੱਕ ਧਰਮ ਨੂੰ ਛੱਡ ਕੇ ਦੂਜੇ ਧਰਮ ਨੂੰ ਅਪਣਾਉਣ ਆਦਿ ਦੀ ਸੁੰਤਤਰਤਾ ਦਿੱਤੀ ਗਈ ਹੈ, ਪਰ ਅੱਜ ਧਰਮ ਦੇ ਆਧਾਰ ਤੇ ਅਸਹਿਣਸ਼ੀਲਤਾ ਦੇ ਕਾਰਨ ਭਾਰਤ ਬਹੁਤ ਅਸੁਖਾਵੇਂ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈ। ਕਦੇ ਗਊ ਰੱਖਿਆ ਦੇ ਨਾਮ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲਿਆ ਜਾਂਦਾ ਹੈ ਅਤੇ ਕਦੇ ਵੋਟ ਰਾਜਨੀਤੀ ਦੇ ਕਾਰਨ ਦੰਗੇ ਫਸਾਦ ਕਰਵਾ ਕੇ, ਤੇ ਕਦੇ ਨਾਗਰਿਕਤਾ ਸੋਧ ਕਾਨੂੰਨ (CCA) ਦੇ ਰਾਹੀ ਦੇਸ਼ ਦੇ ਨਾਗਰਿਕਾਂ ਵਿੱਚ ਫੁੱਟ ਪਾ ਕੇ ਦੇਸ਼ ਦੇ ਵਿਕਾਸ ਨੂੰ ਲੀਹੋਂ ਲਾ ਕੇ ਸਰਕਾਰ ਦੁਆਰਾ ਆਪਣੀਆਂ ਖਾਮੀਆਂ ਨੂੰ ਛੁਪਾ ਕੇ ਆਪਣੇ ਸੌੜੇ ਰਾਜੀਨੀਤਿਕ ਹਿੱਤਾਂ ਦੀ ਪੂਰਤੀ ਕਰਨ ਦੀ ਕੋਸ਼ੀਸ਼ ਕੀਤੀ ਜਾਂਦੀ ਰਹੀ ਹੈ ਜੋ ਕਿ ਭਾਰਤ ਦੇ ਹਿੱਤਾਂ ਦੇ ਵਿਰੁੱਧ ਹੈ। ਨਾਗਰਿਕਾ ਵੱਲੋਂ ਰਾਜਨੇਤਾਵਾਂ ਦੇ ਮੱਕੜ ਜਾਲ ਵਿੱਚ ਉਲਝ ਕੇ ਧਰਮ ਦੇ ਆਧਾਰ ਤੇ ਲੜ੍ਹਾਈ-ਝਗੜਾ ਅਤੇ ਧਾਰਮਿਕ ਆਧਾਰ ਤੇ ਨਫਰਤ ਕਰਨ ਦਾ ਵੱਡਾ ਕਾਰਨ ਜੋ ਨਜ਼ਰ ਆ ਰਿਹਾ ਹੈ ਉਹ ਇਹ ਹੈ, ਕਿ ਅੱਜ ਅਸੀਂ ਰੱਬ ਨੂੰ ਤਾਂ ਮੰਨਦੇ ਹਾਂ ਪਰ ਰੱਬ ਦੀ ਨਹੀਂ ਮੰਨਦੇ, ਧਰਮ ਨੂੰ ਤਾਂ ਮੰਨਦੇ ਹਾਂ ਪਰ ਧਰਮ ਦੀ ਨਹੀਂ ਮੰਨਦੇ। ਅਸਲ ਵਿੱਚ ਅਸੀਂ ਧਰਮ ਨੂੰ ਵੀ ਆਪਣੇ ਨਿੱਜੀ ਸਵਾਰਥੀ ਹਿੱਤਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਕੋਈ ਵੀ ਧਰਮ ਦੂਜੇ ਧਰਮ ਦੇ ਲੋਕਾਂ ਨਾਲ ਧਾਰਮਿਕ ਕੱਟੜਤਾ ਦੇ ਆਧਾਰ ਤੇ ਅਸਹਿਣਸ਼ੀਲਤਾ ਦਾ ਵਿਵਹਾਰ ਕਰਨ ਦੀ ਆਗਿਆ ਨਹੀ ਦਿੰਦਾਂ। ਜਿਸਦਾ ਸਪਸਟ ਭਾਵ ਹੈ ਕਿ ਸਾਰੇ ਧਰਮਾਂ ਦੇ ਸਿਧਾਂਤ ਦੂਜੇ ਧਰਮਾਂ ਦੇ ਲੋਕਾਂ ਨਾਲ ਆਪਸੀ ਭਾਈਚਾਰੇ ਅਤੇ ਸ਼ਾਂਤਮਈ ਸਹਿਹੋਂਦ ਨਾਲ ਰਹਿਣ ਦੀ ਸਿੱਖਿਆ ਦਿੰਦੇ ਹਨ। ਕਿਹਾ ਜਾਂਦਾ ਹੈ ਕਿ “ਧਰਮ ਜੋੜਦਾ ਹੈ ਤੋੜਦਾ ਨਹੀਂ”। ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਧਰਮ ਦੀ ਰੂਹ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਧਰਮ ਦੇ ਠੇਕੇਦਾਰਾਂ ਵੱਲੋਂ ਅਤੇ ਭਾਰਤੀ ਮੀਡੀਆ ਵੱਲੋਂ ਆਪਣੇ ਨਿੱਜੀ, ਰਾਜਨੀਤਿਕ ਅਤੇ ਆਰਥਿਕ ਹਿੱਤਾਂ ਦੀ ਪੂਰਤੀ ਕਰਨ ਲਈ ਕੀਤੀ ਜਾਂਦੀ ਧਾਰਮਿਕ ਸਿਧਾਂਤਾ ਦੀ ਗਲਤ ਵਿਆਖਿਆ ਅਤੇ ਝੂਠੀਆਂ ਅਫਵਾਹਾਂ ਤੋਂ ਦੂਰ ਰਹੀਏ।
ਸਭ ਤੋਂ ਵੱਡੀ ਗੱਲ ਜੋ ਹਮੇਸ਼ਾਂ ਬੇ-ਚੈਨ ਕਰਦੀ ਹੈ ਕਿ ਧਰਮ ਦੀ ਰੱਖਿਆ ਦੇ ਨਾਮ ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਮਾਰਨ ਵਾਲੇ ਲੋਕ ਧਰਮ ਦੇ ਕਿਹੜੇ ਸਿਧਾਂਤਾਂ ਦੀ ਪਾਲਣਾ ਕਰ ਰਹੇ ਹਨ? ਕਿਸ ਧਾਰਮਿਕ ਗ੍ਰੰਥ ਦੇ ਕਿਹੜੇ ਸਲੋਕ ਦੀ ਪਾਲਣਾ ਕਰਦੇ ਹੋਏ ਮਜ਼ਲੂਮਾਂ, ਬੇ-ਸਹਾਰਾ ਲੋਕਾਂ ਤੇ ਅੱਤਿਆਚਾਰ ਕਰਦੇ ਹਨ? ਜਿੱਥੇ ਤੱਕ ਧਰਮ ਦੀ ਮੈਨੂੰ ਸਮਝ ਹੈ ਕੋਈ ਵੀ ਧਰਮ ਦੂਸਰੇ ਧਰਮ ਦੇ ਮੰਨਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਆਗਿਆ ਨਹੀਂ ਦਿੰਦਾ। ਸਗੋਂ ਹਰੇਕ ਧਰਮ ਦੀ ਰੂਹ ਮਨੁੱਖਤਾ ਦੀ ਸੇਵਾ ਕਰਨ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਕਰਕੇ ਮੇਰੀ ਭਾਰਤ ਦੇ ਸੂਝਵਾਨ ਮਨੁੱਖਤਾ ਦਾ ਦਰਦ ਮਹਿਸੂਸ ਕਰਨ ਵਾਲੇ ਹਰੇਕ ਧਰਮ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਧਾਰਮਿਕ, ਜਾਤੀ ਆਦਿ ਭਾਵਨਾਵਾਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਧਰਮ ਦੇ ਅਸਲ ਸਿਧਾਂਤ (ਜੋ ਕਿ ਸਮੁੱਚੀ ਮਨੁੱਖਤਾ ਨੂੰ ਇਕ ਪਰਿਵਾਰ ਦੇ ਰੂਪ ‘ਚ ਦੇਖਦੇ ਹਨ) ਤੋਂ ਜਾਣੂ ਕਰਵਾਉਣ ਲਈ ਅੱਗੇ ਆਉਣ। ਇਸ ਤਰਾਂ੍ਹ ਕਰਕੇ ਹੀ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦੇ ਹੋਏ ਅਸੀਂ ਕਰੋਨਾ ਵਰਗੀ ਖਤਰਨਾਕ ਬੀਮਾਰੀ ਨਾਲ ਲੜ ਕੇ ਜਿੱਤ ਪ੍ਰਾਪਤ ਕਰ ਸਕਾਗੇ ਤੇ ਅੰਤਰ-ਰਾਸ਼ਟਰੀ ਪੱਧਰ ਤੇ ਦੇਸ਼ ਦੀ ਹੋ ਰਹੀ ਬਦਨਾਮੀ ਤੋਂ ਦੇਸ਼ ਨੂੰ ਬਚਾ ਕੇ ਇਸਦੇ ਅਕਸ ਨੂੰ ਸੁਧਾਰ ਸਕਦੇ ਹਾਂ।

ਮੁਹੰਮਦ ਬਸ਼ੀਰ
ਮਾਲੇਰਕੋਟਲਾ (ਸੰਗਰੂਰ)
ਮੋਬ. ਨੰ 94171-58300

Magaziness Author

Magaziness Author Subtitle

Magaziness

An elegant and minimalistic theme, which is predominantly designed for a web news portal and magazine with an immense research on contemporary online newspapers. With the help of available customizer options and widgets, you can implement layouts as a trending news journals, modern fashion magazine, travel blogging & magazine, clean and minimal news sites, blogging site and even more. The theme is SEO friendly with optimized codes and awesome supports.

M7 Social

M7 Social Subtitle